ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਤਾਬਦੀ ਮੌਕੇ ਸ਼ਰਧਾਂਜਲੀ ਦੇਣ ਵੇਲੇ ਇੱਕ ਵਚਨਬੱਧ ਸਿੱਖ ਦੇ ਅਨੁਸ਼ਾਸਨ ਅਤੇ ਸਰੂਪ ਨਾਲ ਜੋੜਨ ਦੀ ਅਪੀਲ ਕੀਤੀ ਹੈ, ਕਿਹਾ ਹੈ ਕਿ 350ਵੀਂ ਸ਼ਹੀਦੀ ਪੁਰਬ ਮਹਿਜ਼ ਇਕ ਰਵਾਇਤ ਸਮਾਗਮ ਕਰਨ ਲਈ ਨਹੀਂ ਸਗੋਂ ਹਰ ਕਿਸੇ ਨੂੰ ਆਪਣੇ ਅੰਦਰ ਝਾਕਣ ਦਾ ਮੌਕਾ ਵੀ ਹੈ ਕਿ ਉਹਨਾਂ ਦੀ ਕਹਿਣੀ ਕੀ ਹੈ ਤੇ ਕਰਨੀ ਕੀ ਹੈ ਤੇ ਉਹ ਮਰਿਆਦਾ ਦੀ ਕਿੰਨੀ ਕੁ ਸਮਝ ਰੱਖਦੇ ਹਨ। ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲਣ ਦਾ ਮਤਲਬ ਇਹ ਨਹੀਂ ਕਿ ਉਹ ਹੁਣ ਸਿੱਖ ਪਰੰਪਰਾਵਾਂ ਦੀ ਵੀ ਵਿਆਖਿਆ ਆਪਣੇ ਹਿਸਾਬ ਨਾਲ ਕਰਨਗੇ । ਸਰਨਾ ਨੇ ਕਿਹਾ ਕਿ ਮਾਨ ਦੇ ਹਾਲੀਆ ਭਾਸ਼ਣਾਂ ਵਿੱਚ ਨੋਵੀਂ ਪਾਤਸ਼ਾਹੀ ਦੀ ਵਿਰਾਸਤ 'ਤੇ ਬੋਲਦਿਆਂ ਜੋ ਵਿਚਾਰ ਦਿੱਤੇ ਹਨ ਉਹ ਦੱਸਦੇ ਹਨ ਕਿ ਇਹ ਸਿੱਖ ਸਮਝ ਤੋ ਕਿੰਨੇ ਸੱਖਣੇ ਹਨ, ਫਿਰ ਵੀ ਇਹ ਪਲ ਮੁੱਖ ਮੰਤਰੀ ਨੂੰ ਆਪਣੀ ਰਹਿਤ 'ਤੇ ਵਿਚਾਰ ਕਰਨ ਦਾ ਮੌਕਾ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਭੇਟ ਕੀਤੇ ਗਏ ਪੂਰੇ ਸਰੂਪ ਨੂੰ ਗਲੇ ਲਗਾਉਣ ਦੀ ਅਪੀਲ ਕੀਤੀ ਤੇ ਸਿੱਖਾਂ ਦੇ ਮਸਲਿਆਂ ਤੇ ਵਿਚਾਰ ਦੇਣ ਤੋਂ ਪਹਿਲਾਂ ਸਿੱਖ ਰਹਿਤ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ਅਪੀਲ ਕੀਤੀ । ਸਰਨਾ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਸਦੀਆਂ ਤੋਂ ਸਾਡੇ ਲੋਕਾਂ ਦੀ ਜ਼ਮੀਰ ਨੂੰ ਢਾਲਿਆ ਹੈ। ਜਦੋਂ ਮੁੱਖ ਮੰਤਰੀ ਅਜਿਹੀ ਵਿਰਾਸਤ 'ਤੇ ਬੋਲਦੇ ਹਨ, ਤਾਂ ਪੰਥ ਕੁਦਰਤੀ ਤੌਰ 'ਤੇ ਉਨ੍ਹਾਂ ਦੇ ਸ਼ਬਦਾਂ ਅਤੇ ਉਨ੍ਹਾਂ ਦੇ ਚੱਲਣ ਦੇ ਤਰੀਕੇ ਵਿਚਕਾਰ ਇਕਸਾਰਤਾ ਦੀ ਮੰਗ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਖਾਲਸੇ ਦਾ ਸਵਰੂਪ ਪਹਿਰਾਵੇ ਤੋਂ ਵੱਧ ਹੈ। ਸਰਨਾ ਨੇ ਜ਼ੋਰ ਦੇ ਕੇ ਕਿਹਾ ਕਿ ਮੇਰੀ ਅਪੀਲ ਸਿੱਖ ਭਾਈਚਾਰੇ ਲਈ ਚਿੰਤਾ ਤੋਂ ਉੱਠਦੀ ਹੈ, ਨਾ ਕਿ ਪੱਖਪਾਤੀ ਦੁਸ਼ਮਣੀ ਤੋਂ। ਉਨ੍ਹਾਂ ਕਿਹਾ ਕਿ ਜਨਤਕ ਜੀਵਨ ਵਿੱਚ ਸਾਨੂੰ ਖੁਦ ਨੂੰ ਵੀ ਉੱਚ ਆਦਰਸ਼ ਧਾਰਨ ਕਰਨੇ ਚਾਹੀਦੇ ਜਦੋਂ ਅਸੀ ਸਿੱਖ ਇਤਿਹਾਸ ਦੇ ਹਵਾਲੇ ਦਿੰਦੇ ਹਾਂ ਤੇ ਮਰਿਯਾਦਾ ਬਾਰੇ ਵਿਚਾਰ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਮੌਕੇ ਸਾਨੂੰ ਆਤਮ-ਨਿਰੀਖਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। "ਜਦੋਂ ਅਸੀਂ ਮੰਚ ਤੋਂ ਸ਼ਹੀਦਾਂ ਬਾਰੇ ਵਿਚਾਰ ਰੱਖਦੇ ਹਾਂ ਤਾਂ ਸਾਨੂੰ ਉਨ੍ਹਾਂ ਸ਼ਬਦਾਂ ਦੇ ਪਿੱਛੇ ਆਪਣੇ ਜੀਵਨ ਨੂੰ ਵੀ ਗੰਭੀਰਤਾ ਨਾਲ ਉੱਚਾ ਚੱਕਣ ਦੀ ਲੋੜ ਹੈ ।